ਰਣਜੀਤ ਸਿੰਘ ਮਸੌਣ
ਅਜਨਾਲਾ/ਅੰਮ੍ਰਿਤਸਰ,/////////////ਅੱਜ ਅਜਨਾਲਾ ਸੈਕਟਰ ਦੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੇ ਐਨ ਸਥਿਤ ਪਿੰਡਾਂ ਸ਼ਾਲੀਵਾਲ ਤੇ ਪਿੰਡ ਸੈਦਪੁਰ ਖ਼ੁਰਦ ਅਤੇ ਪਿੰਡ ਮਾਝੀ ਮੀਆਂ ਤੇ ਪਿੰਡ ਸੈਦੋਗਾਜ਼ੀ ਅਤੇ ਪਿੰਡ ਰਾਏਪੁਰ ਕਲਾਂ ‘ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰਵਾਈਆਂ ਗਈਆਂ ਨਸ਼ਾ ਮੁਕਤ ਯਾਤਰਾ ਪ੍ਰਭਾਵਸ਼ਾਲੀ ਚੇਤਨਾ ਰੈਲੀਆਂ ਨੂੰ ਹਲਕਾ ਵਿਧਾਇਕ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਸੰਬੋਧਨ ਕੀਤਾ ਅਤੇ ਇਨ੍ਹਾਂ ਰੈਲੀਆਂ ‘ਚ ਮੌਜ਼ੂਦ ਸੈਂਕੜੇ ਲੋਕਾਂ ਨੂੰ “ਨਸ਼ੇ ਨਾ ਖਾਣ ਤੇ ਨਸ਼ੇ ਨਾ ਵੇਚਣ” ਦੀ ਸਮੂਹਿਕ ਸਹੁੰ ਚੁਕਵਾਈ ਅਤੇ ਪਿੰਡਾਂ ‘ਚ ਨਸ਼ਾ ਵੇਚਣ ਵਾਲਿਆਂ ਬਾਰੇ ਗੁਪਤ ਰੂਪ ‘ਚ ਐਸਡੀਐਮ ਅਜਨਾਲਾ, ਅਜਨਾਲਾ ਪੁਲਿਸ ਤੇ ਉਹਨਾਂ (ਸ. ਧਾਲੀਵਾਲ) ਨੂੰ ਜਾਣਕਾਰੀ ਦੇਣ ਦਾ ਸੱਦਾ ਵੀ ਦਿੱਤਾ।
ਰੈਲੀਆਂ ਨੂੰ ਮੁਖ਼ਾਤਿਬ ਹੂੰਦਿਆਂ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਸਾਬਕਾ ਸਰਕਾਰਾਂ ਵੱਲੋਂ ਅਮੀਰ ਰੰਗਲੇ ਪੰਜਾਬ ਦੀ ਵਿਰਾਸਤ ਤੇ ਸੱਭਿਆਚਾਰ ਦੀ ਅਣਦੇਖੀ ਕੀਤੇ ਜਾਣ ਕਾਰਣ ਪੰਜਾਬ ‘ਚ ਨਸ਼ਿਆਂ ਦਾ ਧੰਦਾ ਇੱਕ ਜਟਿਲ ਸਮੱਸਿਆ ਬਣ ਚੁੱਕਾ ਸੀ। ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਨੇ ਨਸ਼ਿਆਂ ਦੇ ਧੰਦੇ ਨੂੰ ਜੜ੍ਹੋਂ ਉਖੇੜਣ ਲਈ ਨਸ਼ਾ ਤਸਕਰਾਂ ਨੂੰ ਇੱਕ ਚੁਣੌਤੀ ਵੱਜੋਂ ਲੈਂਦਿਆ ਨਸ਼ਾ ਤਸਕਰਾਂ ਵਿਰੁੱਧ 1 ਮਾਰਚ ਤੋਂ ਯੁੱਧ ਨਸ਼ਿਆ ਵਿਰੁੱਧ ਜ਼ਬਰਦਸਤ ਜੰਗ ਛੇੜ ਦਿੱਤੀ ਹੈ ਅਤੇ ਹਰ ਵਰਗ ਦੇ ਲੋਕਾਂ ਦੀ ਇਸ ਮੁੱਦੇ ਤੇ ਸਾਂਝੀ ਰਾਏ ਬਣਾਉਣ ਲਈ ਪਿੰਡ-ਪਿੰਡ ਤੇ ਸ਼ਹਿਰੀ ਮੁਹੱਲਿਆਂ ‘ਚ ਨਸ਼ਾ ਮੁਕਤੀ ਯਾਤਰਾ ਕਰਕੇ ਮੁੱਖ ਮੰਤਰੀ ਪੰਜਾਬ ਸ੍ਰ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਫ਼ਲਤਾ ਵੱਲ ਅੱਗੇ ਵਧ ਰਹੀ ਹੈ। ਨਸ਼ਿਆਂ ਵਿਰੁੱਧ ਜਿੱਤ ਦਰਜ ਕਰਵਾਉਣ ਲਈ ਲੋਕਾਂ ਦਾ ਸਰਗਰਮ ਸਹਿਯੋਗ ਬਰਾਬਰ ਲਿਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਧਾਲੀਵਾਲ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਸਰਕਾਰ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਦੀ ਲੰਮੀ ਛਾਲ ਲਗਾਏ ਜਾਣ ਦੇ ਨਤੀਜ਼ੇ ਸਾਰਥਿਕ ਰੂਪ ‘ਚ ਮਿਲ ਰਹੇ ਹਨ ਅਤੇ 13 ਹਜ਼ਾਰ ਦੇ ਕਰੀਬ ਨਸ਼ਾ ਤਸ਼ਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ‘ਚ ਡੱਕਣ, ਡਰਗ ਮਨੀ ਨਾਲ ਬਣਾਏ ਹੋਏ ਨਸ਼ਾ ਸਮਗਲਰਾਂ ਦੇ ਦਰਜ਼ਨਾਂ ਘਰਾਂ ‘ਤੇ ਬੁਲਡੋਜ਼ਰ ਚਲਾ ਕੇ ਘਰਾਂ ਨੂੰ ਨਸ਼ਟ ਕਰਨ ਤੇ ਜਾਇਦਾਦਾਂ ਨੂੰ ਜ਼ਬਤ ਤੇ ਸੀਲ ਕੀਤੇ ਜਾਣ ਤੋਂ ਇਲਾਵਾ ਹੁਣ ਤੱਕ ਨਸ਼ੇ ਕਰਦੇ ਆ ਰਹੇ 8 ਹਜ਼ਾਰ ਦੇ ਕਰੀਬ ਵਿਅਕਤੀਆਂ ਨੂੰ ਮੁੱਖ ਧਾਰਾ ‘ਚ ਲਿਆ ਕੇ ਪੁਨਰ ਵਸੇਬੇ ਲਈ ਨਸ਼ਾ ਛਡਾਊ ਕੇਂਦਰਾਂ ‘ਚ ਭਰਤੀ ਕਰਵਾ ਕੇ ਮੁਫ਼ਤ ਇਲਾਜ ਕਰਵਾਇਆ ਗਿਆ ਹੈ। ਸੂਬਾ ਮਾਨ ਸਰਕਾਰ ਵੱਲੋਂ ਵਿੱਢੀ ਯੁੱਧ ਨਸ਼ਿਆ ਵਿਰੁੱਧ ਜੰਗ ਤਹਿਤ ਪਿੰਡ ਪਿੰਡ ਕੀਤੀਆਂ ਜਾ ਰਹੀਆਂ ਨਸ਼ਾ ਮੁਕਤੀ ਯਾਤਰਾ ‘ਚ ਸ਼ਮੂਲੀਅਤ ਕਰਕੇ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਚੁੱਕੀਆਂ ਜਾ ਰਹੀਆਂ ਸਹੁੰਆਂ ਦੇ ਮੱਦੇਨਜ਼ਰ ਉੱਠੀ ਲੋਕ ਲਹਿਰ ਦੇ ਦਬਾਓ ਹੇਠ ਆ ਕੇ ਬਹੁਤ ਸਾਰੇ ਤਸ਼ਕਰਾਂ ਨੇ ਪੰਜਾਬ ਤੋਂ ਬਾਹਰ ਦਾ ਰਸਤਾ ਨਾਪ ਲਿਆ ਹੈ ਅਤੇ ਇਸ ਤਸਕਰੀ ਦੇ ਬਦਨਾਮ ਧੰਦੇ ਚ ਪੈਣ ਲਈ ਅਜੇ ਪਰ੍ਹ ਤੋਲ ਰਹੇ ਨਵੇਂ ਬੰਦੇ ਤੌਬਾ ਕਰਕੇ ਹੱਥ ਖੜ੍ਹੇ ਕਰ ਗਏ ਹਨ।
ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਐਸਡੀਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ, ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ, ਬੀਡੀਪੀਓ ਸਿਤਾਰਾ ਸਿੰਘ ਵਿਰਕ, ਐਸਐਚਓ ਇੰਸਪੈਕਟਰ ਮੁਖ਼ਤਿਆਰ ਸਿੰਘ ਸਮੇਤ ਹੋਰ ਪੁਲਿਸ ਤੇ ਸਿਵਲ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਇਲਾਵਾ ਸ਼ੈਲਫ਼ ਡਿਫੈਂਸ ਕਮੇਟੀਆਂ ਦੇ ਅਹੁੱਦੇਦਾਰ, ਪੰਚ ਸਰਪੰਚ, ਸਮਾਜ ਸੇਵੀ, ਯੂਥ ਕਲੱਬਾਂ ਤੇ ਮੋਹਤਬਰ ਵੱਡੀ ਗਿਣਤੀ ‘ਚ ਮੌਜ਼ੂਦ ਸਨ।
Leave a Reply